ਜਿੱਤੇਗਾ ਭਾਰਤ, ਹਾਰੇਗਾ ਕੋਰੋਨਾ
ਜਿੱਤੇਗਾ ਭਾਰਤ, ਹਾਰੇਗਾ ਕੋਰੋਨਾ
ਕੋਰੋਨਾ ਦੀ ਦੂਸਰੀ ਲਹਿਰ ਨਾਲ ਫਿਰ ਮੁੜ ਤੋਂ ਦਹਿਸ਼ਤ ਫੈਲੀ ਹੋਈ ਹੈ। ਪਹਿਲਾਂ ਨਾਲੋਂ ਜ਼ਿਆਦਾ ਭਿਆਨਕ
ਹੁੰਦੇ ਹਾਲਾਤਾਂ ਨੇ ਭਾਰਤ ਲਈ ਵੀ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਸਵਾਲ ਹੈ ਕਿ ਹੁਣ ਅੱਗੇ ਦਾ ਰਾਹ ਕੀ
ਹੋਵੇ ? ਸੰਕਟ ਦੀ ਇਸ ਘੜੀ ਵਿਚ ਆਪਾਂ ਆਪਣੇ ਜੁੰਡੇ ਪੁੱਟੀਏ ? ਇਕ ਦੂਸਰੇ ਤੇ ਤੋਹਮਤਾਂ ਲਗਾਉਣ ਦੀ ਖੇਡ
ਖੇਡੀਏ ? ਲਾਸ਼ਾਂ ਤੇ ਬਹਿ ਕੇ ਗਿੱਧ ਉਤਸਵ ਮਨਾਈਏ ਜਾਂ ਹਾਲਾਤਾਂ ਤੋਂ ਮੂੰਹ ਮੋੜ ਲਈਏ ਜਾਂ ਫੇਰ ਅਰਜੁਨ ਦੀ
ਤਰ੍ਹਾਂ ਧਨੁਸ਼ ਬਾਣ ਉਠਾ ਕੇ ਲੜਾਈ ਲਈ ਕਮਰ ਕੱਸ ਲਈਏ ।
ਅੱਜ ਪੂਰੀ ਮਨੁੱਖਤਾ ਲਈ ਪਰੀਖਿਆ ਦੀ ਘੜੀ ਹੈ, ਇਹ ਕੇਵਲ ਅਰਥਚਾਰੇ ਦਾ ਸੰਕਟ ਨਹੀਂ। ਭਾਰਤ ਇਸ
ਸੰਕਟ ਨੂੰ ਆਰਥਿਕ ਨਹੀਂ ਬਲਕਿ ਮਨੁੱਖੀ ਮੰਨਦਾ ਹੈ। ਜਨਔਸ਼ਧੀ ਯੋਜਨਾ ਲਾਗੂ ਕਰਕੇ ਭਾਰਤ ਨੇ ਜੈਨਰਿਕ
ਦਵਾਈਆਂ ਦੇ ਖੇਤਰ ਵਿਚ ਜੋ ਕੰਮ ਕੀਤਾ, ਉਸਦੇ ਬਰਾਬਰ ਕੰਮ ਅਜੇ ਤਕ ਪੂਰੀ ਦੁਨੀਆ ਅੰਦਰ ਨਹੀਂ ਹੋਇਆ।
ਭਾਰਤ ਨੇ ਸਭ ਤੋਂ ਤੇਜ ਟੀਕਾਕਰਣ ਅਭਿਆਨ ਚਲਾਇਆ। ਉਹ ਸਾਧਨ ਸੰਪਨ ਦੇਸ਼ ਨਹੀਂ ਹੈ ਪਰੰਤੂ ਫੇਰ ਵੀ ਇਹ
ਸਭ ਕੁਝ ਕਰ ਰਿਹਾ ਹੈ, ਕਿਉਂਕਿ ਭਾਰਤ ਇਕ ਸੰਵੇਦਨਸ਼ੀਲ ਦੇਸ਼ ਹੈ। ਭਾਰਤ ਲਗਭਗ ਪੂਰੀ ਦੁਨੀਆ ਨੂੰ ਵੈਕਸੀਨ
ਸਪਲਾਈ ਕਰ ਚੁੱਕਿਆ ਹੈ, ਇਸ ਲਈ ਮਨੁੱਖਤਾ ਹੀ ਮਹੱਤਵਪੂਰਨ ਹੈ।
ਇਕ ਸਦੀ ਪਹਿਲਾਂ ਫੈਲੇ ਸਪੈਨਿਸ਼ ਫਲੂ ਦੀ ਤੁਲਨਾ ਕੋਵਿਡ-19 ਨਾਲ ਕੀਤੀ ਜਾਵੇ ਤਾਂ 1918 ਦੀ ਉਹ ਤ੍ਰਾਸਦੀ ਵੱਡੀ ਸੀ। ਉਹ
ਇੰਨੀ ਭਿਆਨਕ ਸੀ ਕਿ ਦੇਸ਼ ਦੀ ਅਬਾਦੀ ਤੇ ਵੀ ਉਸਦਾ ਨਕਾਰਾਤਮਕ ਅਸਰ ਪਿਆ। ਉਸ ਵੇਲੇ ਵੀ ਬਹੁਤ ਸਾਰੇ ਸਮਾਜਿਕ ਸੰਗਠਨ ਅਤੇ
ਸੇਵਾ ਭਾਵੀ ਲੋਕ ਸਾਹਮਣੇ ਆਏ, ਜਿਨ੍ਹਾਂ ਦੇ ਨਾਮ ਅਤੇ ਕੰਮਾਂ ਬਾਰੇ ਅੱਜ ਸ਼ਾਇਦ ਹੀ ਕੋਈ ਜਾਣਦਾ ਹੋਵੇ ਪਰੰਤੂ ਇਹ ਲੋਕ ਹੀ ਸਮਾਜਿਕ
ਚੇਤਨਾ ਅਤੇ ਸੇਵਾ ਭਾਵਨਾ ਦੀ ਸਹੀ ਤਸਵੀਰ ਸਾਹਮਣੇ ਰਖਦੇ ਹਨ। ਇਹਨਾਂ ਗੁਮਨਾਮ ਲੋਕਾਂ ਵਿਚੋਂ ਦੋ ਨਾਮ ਹਨ ਦੋ ਭਰਾਵਾਂ ਕਲਿਆਣ
ਜੀ ਮਹਿਤਾ ਅਤੇ ਕੁੰਵਰ ਜੀ ਮਹਿਤਾ ਅਤੇ ਤੀਸਰੇ ਵਿਅਕਤੀ ਦਿਆਲ ਜੀ ਦੇਸਾਈ ਦੇ। ਇਹ ਤਿੰਨੇ ਮਹਾਨੁਭਾਵ ਗੁਜਰਾਤੀ ਸਨ ਅਤੇ
ਇਹਨਾਂ ਨੂੰ ਇਕ ਗੱਲ ਹੋਰ ਜੋੜਦੀ ਹੈ ਉਹ ਹੈ ਕਿ ਇਹ ਗਾਂਧੀ ਜੀ ਦੇ ਸੱਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤ ਨਾਲ ਜੁੜੇ ਸਨ। ਮਹਿਤਾ
ਬੰਧੂਆਂ ਨੇ ਸਰਕਾਰੀ ਨੌਕਰੀ ਛੱਡ ਕੇ ਆਸ਼ਰਮ ਬਣਾਇਆ ਜੋ ਅੱਜ ਵੀ ਮੌਜੂਦ ਹੈ। ਇਹਨਾਂ ਤਿੰਨਾ ਨੇ ਆਪਣੇ-ਆਪਣੇ ਤਰੀਕਿਆਂ ਨਾਲ
ਨੌਜਵਾਨਾਂ ਨੂੰ ਰਾਸ਼ਟਰਵਾਦ ਨਾਲ ਜੋੜਿਆ। ਇਹ ਨੌਜਵਾਨ ਹੀ ਇਹਨਾਂ ਦੀ ਸਭ ਤੋਂ ਵੱਡੀ ਤਾਕਤ ਸਨ। ਇਹਨਾਂ ਨੇ ਲੋਕਾਂ ਨੂੰ ਬੀਮਾਰੀ
ਖਿਲਾਫ ਜਾਗਰੂਕ ਕੀਤਾ, ਦਵਾਈਆਂ ਵੰਡੀਆਂ ਅਤੇ ਸਮਾਜ ਨੂੰ ਆਪਣੇ ਪੈਰਾਂ ਤੇ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਕੇਵਲ ਸਪੈਨਿਸ਼ ਫਲੂ
ਕਿਉਂ ਅੰਗਰੇਜ਼ੀ ਰਾਜ ਦੌਰਾਨ ਦੇਸ਼ ਅੰਦਰ ਕਈ ਵਾਰੀ ਰਾਜਪੁਤਾਨਾ, ਗੁਜਰਾਤ, ਬੰਗਾਲ, ਹਿਮਾਚਲ ਦੇ ਪਹਾੜੀ ਖੇਤਰਾਂ ਵਿਚ ਭੂਕੰਪ, ਹੜ੍ਹ
ਅਤੇ ਸੋਕੇ ਦੀ ਕ੍ਰੋਪੀ ਆਈ। ਮਹਾਤਮਾ ਗਾਂਧੀ ਜੀ, ਲਾਲਾ ਲਾਜਪਤਰਾਏ, ਭਗਤ ਸਿੰਘ ਦੇ ਪੁਰਖੇ ਸਰਦਾਰ ਅਰਜੁਨ ਸਿੰਘ, ਅਜੀਤ ਸਿੰਘ,
ਕਿਸ਼ਨ ਸਿੰਘ, ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਜੀ, ਵਿਪਿਨ ਚੰਦਰਪਾਲ ਅਤੇ ਹੋਰ ਅਣਗਿਣਤ ਕ੍ਰਾਂਤੀਕਾਰੀ ਅਤੇ
ਸਵਤੰਤਰਤਾ ਸੈਨਾਨੀ ਪੀੜਿਤ ਦੇਸ਼ਵਾਸੀਆਂ ਦੀ ਸਹਾਇਤਾ ਲਈ ਅੱਗੇ ਆਏ। ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ
ਜੋ ਸੇਵਾ ਰਾਸ਼ਟ੍ਰੀਯ ਸ੍ਵਯੰਸੇਵਕ ਸੰਘ ਨੇ ਕੀਤੀ, ਉਸਦੀ ਦੂਸਰੀ ਮਿਸਾਲ ਮਿਲਣੀ ਔਖੀ ਹੈ।
ਲਗਭਗ ਸਦੀ ਤੋਂ ਬਾਅਦ ਇਹਨਾਂ ਗੱਲਾਂ ਨੂੰ ਚੇਤੇ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਜ ਵੀ ਜੋ ਸੰਕਟ ਆਇਆ ਹੈ ਉਹ ਕਿਸੇ
ਵੀ ਤਰ੍ਹਾਂ ਇਹਨਾਂ ਨਾਲੋਂ ਘੱਟ ਨਹੀਂ। ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਸਮਾਜਿਕ ਸੰਗਠਨ ਅਤੇ ਲੋਕ ਸਾਹਮਣੇ ਆ ਰਹੇ ਹਨ ਜੋ
ਇਸ ਗੱਲ ਦਾ ਸਬੂਤ ਹੈ ਕਿ ਮੁਸ਼ਕਿਲ ਘੜੀ ਵਿਚ ਵੀ ਸਮਾਜ ਨੂੰ ਜੋੜੇ ਰੱਖਣ ਜਜ਼ਬਾ ਬਰਕਰਾਰ ਹੈ। ਅੱਜ ਜਦੋਂ ਦੇਸ਼ ਆਕਸੀਜਨ
ਦੀ ਘਾਟ ਮਹਿਸੂਸ ਕਰ ਰਿਹਾ ਸੀ ਤਾਂ ਗੁਰੂਦਵਾਰਾ ਸਾਹਿਬ ਵਿਚ ਇਸ ਦੇ ਲੰਗਰ ਲੱਗ ਗਏ। ਲੋਕ ਨਿਸਵਾਰਥ ਭਾਵਨਾ ਨਾਲ ਪੀੜਿਤਾਂ ਨੂੰ ਦਵਾਈਆਂ,ਲੰਗਰ,ਰਾਸ਼ਨ,ਐਮਬੂਲੈਂਸ ਸੇਵਾ ਸਮੇਤ ਹਰ ਤਰ੍ਹਾਂ ਦਾ ਜਰੂਰੀ ਸਮਾਨ ਮੁੱਹਈਆ ਕਰਵਾ ਰਹੇ ਹਨ ਅਤੇ ਇੱਥੋਂ ਤਕ ਕਿ ਲਾਵਾਰਿਸਲਾਸ਼ਾਂ ਦਾ ਅੰਤਿਮ ਸਸਕਾਰ ਵੀ ਕਰਵਾਇਆ ਜਾ ਰਿਹਾ ਹੈ। ਲੋਕਾਂ ਦੀ ਸੇਵਾ ਭਾਵਨਾ ਦੱਸਦੀ ਹੈ ਕਿ ਸਾਡੀ ਰਚਨਾਤਮਕਤਾ, ਅੱਜ ਵੀ
ਬਰਕਰਾਰ ਹੈ। ਇਸੇ ਰਚਨਾਤਮਕਤਾ ਦੇ ਸਿਰ ਤੇ ਹੀ ਦੇਸ਼ ਵੱਡੇ ਤੋਂ ਵੱਡੇ ਖਤਰੇ ਨਾਲ ਨਜਿੱਠਦਾ ਆਇਆ ਹੈ।
ਮੌਜੂਦਾ ਸੰਕਟ ਨੇ ਇਹ ਵੀ ਦੱਸਿਆ ਹੈ ਕਿ ਸਾਡੀਆਂ ਸਰਕਾਰਾਂ ਚਾਹੇ ਤੇਜ਼ੀ ਨਾਲ ਕਾਰਵਾਈ ਕਰਨ ਦੀ ਗੱਲ ਕਰਨ, ਪਰੰਤੂ ਸੀਮਿਤ
ਸਾਧਨਾਂ ਦੇ ਬਾਵਜੂਦ ਜਿਸ ਹੁਨਰ ਨਾਲ ਸਮਾਜ ਕੰਮ ਕਰਦਾ ਹੈ ਸਰਕਾਰੀ ਸੰਸਥਾਵਾਂ ਉਸਦਾ ਮੁਕਾਬਲਾ ਨਹੀਂ ਕਰ ਸਕਦੀਆਂ। ਸਮਾਜ ਦੀਆਂ
ਇਹਨਾਂ ਕੋਸ਼ਿਸ਼ਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਥੋੜੀ ਹੈ। ਦੂਸਰੇ ਪਾਸੇ ਇਸ ਗੱਲ ਨੂੰ ਵੀ ਅਣਗੌਲਿਆਂ ਨਹੀਂ ਕਰ ਸਕਦੇ ਕਿ ਸਮਾਜ
ਦੇ ਕੰਮ ਚਾਹੇ ਜਿੰਨੇ ਮਰਜ਼ੀ ਹੋਵਣ ਪਰੰਤੂ ਉਹ ਸਰਕਾਰ ਦਾ ਵਿਕਲਪ ਨਹੀਂ ਬਣ ਸਕਦੇ। ਇਕ ਸੰਵੇਦਨਸ਼ੀਲ ਸਰਕਾਰ ਅਤੇ ਸੰਜੀਦਾ
ਪ੍ਰਸ਼ਾਸਨਿਕ ਢਾਂਚਾ ਹੀ ਸੰਕਟ ਵਿਚ ਫਸੀ ਮਨੁੱਖਤਾ ਨੂੰ ਰਾਹਤ ਪਹੁੰਚਾ ਸਕਦਾ ਹੈ। ਖੁਸ਼ੀ ਦੀ ਗੱਲ ਹੈ ਕਿ ਅੱਜ ਜਿੱਥੇ ਸਮਾਜ ਜਾਗਰੂਕ ਹੈ ਉੱਥੇ
ਸਰਕਾਰ ਵੀ ਆਪਣੀ ਜ਼ਿੰਮੇਵਾਰੀ ਮਹਿਸੂਸ ਕਰ ਰਹੀ ਹੈ। ਇਸ ਲਈ ਇਹ ਕਿਹਾ ਜਾਣਾ ਅਤਿਕਥਨੀ ਨਹੀਂ ਹੋਵੇਗਾ ਕਿ ਇਸ ਸੰਕਟ ਵਿਚ
ਭਾਰਤ ਜਿੱਤੇਗਾ ਅਤੇ ਹਾਰੇਗਾ ਕੋਰੋਨਾ। ਵੈਦਿਕ ਪਰੰਪਰਾ ਦੇ ਸ਼ਾਸਤਰੀ ਡੇਵਿਡ ਫੌਲੀ ਆਖਦੇ ਹਨ ਕਿ- ਵੇਦਾਂਤ ਅਨੁਸਾਰ ਆਪਾਂ ਨਾ ਤਾਂ
ਕਮਜ਼ੋਰ ਹਾਂ, ਨਾ ਬੀਮਾਰ, ਨਾ ਪਾਪੀ। ਆਪਾਂ ਸੀਮਿਤ ਆਤਮਾਵਾਂ ਵੀ ਨਹੀਂ ਹਾਂ। ਨਾ ਹੀ ਆਪਾਂ ਈਸ਼ਵਰ ਪੁੱਤਰ, ਬਲਕਿ ਆਪਾਂ ਸਾਕਸ਼ਾਤ
ਈਸ਼ਵਰ ਹੀ ਹਾਂ ਅਤੇ ਪੂਰਾ ਹਿਮੰਡ ਆਪਣੀ ਛਾਇਆ ਹੈ। ਸਾਨੂੰ ਵਿਸ਼ਵਾਸ ਹੈ ਕਿ ਹਨ੍ਹੇਰਾ ਛੱਟੇਗਾ, ਧੁੱਪ ਖਿਲੇਗੀ, ਜੀਵਨ ਮਹਿਕੇਗਾ ਅਤੇ
ਆਪਾਂ ਜੇਤੂ ਹੋ ਕੇ ਦੁਨੀਆ ਸਾਹਮਣੇ ਆਵਾਂਗੇ। ਇਸ ਵੱਡੇ ਲਕਸ਼ ਲਈ ਹੇ ਅਰਜੁਨ ਉਠੋ, ਹੇ ਭਾਰਤ ਉਠੋ।
- ਰਾਕੇਸ਼ ਸੈਨ
source:-ਯੁਗ ਬੋਧ ਸੰਪਾਦਕੀ
100% right 👍🏻
ReplyDelete